ਪਿਤਾ ਆਪਣੀ ਅਵਾਜ਼ ਭੇਜਦਾ ਹੈ
ਯੂਹੰਨਾ ਉਜਾੜ ਵਿੱਚ ਪ੍ਰਚਾਰ ਕਰਦਾ ਹੈ ਅਤੇ ਉਸ ਤੋਂ ਵਾਰ-ਵਾਰ ਪੁੱਛਿਆ ਜਾਂਦਾ ਹੈ ਕਿ ਲੋਕ ਅਸਲ ਵਿੱਚ ਕੀ ਕਰਨ: ਕੁੜਤਾ ਵੰਡੋ, ਵੱਧ ਨਾ ਵਸੂਲੋ, ਧੱਕੇ ਨਾਲ ਨਾ ਲਵੋ। ਉਹ ਹੇਰੋਦੇਸ ਦੇ ਪਾਪ ਦਾ ਨਾਮ ਲੈਂਦਾ ਹੈ ਅਤੇ ਇਸ ਕਾਰਨ ਕੈਦ ਕੀਤਾ ਜਾਂਦਾ ਹੈ। ਯਿਸੂ ਬਾਕੀ ਸਾਰਿਆਂ ਦੇ ਨਾਲ ਬਪਤਿਸਮਾ ਲੈਂਦਾ ਹੈ, ਅਤੇ ਉਸ ਦਾ ਪਿਤਾ ਉਸ ਨੂੰ ਪਿਆਰਾ ਪੁੱਤਰ ਕਹਿੰਦਾ ਹੈ।
3 1ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰਵੇਂ ਸਾਲ, ਜਦੋਂ ਪੁੰਤੀਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ ਸੀ, ਹੇਰੋਦੇਸ ਗਲੀਲ ਦਾ ਰਾਜਪਾਲ ਸੀ, ਉਹ ਦਾ ਭਰਾ ਫ਼ਿਲਿੱਪੁਸ ਇਤੂਰਿਯਾ ਅਤੇ ਤ੍ਰਖੋਨੀਤਿਸ ਦੇ ਇਲਾਕੇ ਦਾ, ਅਤੇ ਲੁਸਾਨਿਯਸ ਅਬਿਲੇਨੇ ਦਾ ਰਾਜਪਾਲ ਸੀ, 2ਅਤੇ ਹਾਂਨਾਸ ਤੇ ਕਾਇਫ਼ਾ ਸਰਦਾਰ ਜਾਜਕ ਸਨ, ਤਾਂ ਸਾਡੇ ਪਿਤਾ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੂਹੰਨਾ ਕੋਲ ਆਇਆ। 3ਅਤੇ ਉਹ ਯਰਦਨ ਦੇ ਸਾਰੇ ਇਲਾਕੇ ਵਿੱਚ ਆ ਕੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪਰਚਾਰ ਕਰਨ ਲੱਗਾ, 4ਜਿਵੇਂ ਯਸਾਯਾਹ ਨਬੀ ਦੇ ਬਚਨਾਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ: “ਉਜਾੜ ਵਿੱਚ ਕਿਸੇ ਦੇ ਪੁਕਾਰਨ ਦੀ ਅਵਾਜ਼: ਪ੍ਰਭੂ ਦਾ ਰਾਹ ਤਿਆਰ ਕਰੋ, ਉਹ ਦੇ ਰਸਤੇ ਸਿੱਧੇ ਬਣਾਓ। 5ਹਰੇਕ ਖੱਡ ਭਰੀ ਜਾਵੇਗੀ, ਅਤੇ ਹਰੇਕ ਪਹਾੜ ਤੇ ਟਿੱਲਾ ਨੀਵਾਂ ਕੀਤਾ ਜਾਵੇਗਾ। ਵਿੰਗੇ ਰਾਹ ਸਿੱਧੇ ਹੋ ਜਾਣਗੇ, ਅਤੇ ਖੁਰਦਰੇ ਰਸਤੇ ਪੱਧਰੇ, 6ਅਤੇ ਸਾਰੇ ਪ੍ਰਾਣੀ ਸਾਡੇ ਪਿਤਾ ਦੀ ਮੁਕਤੀ ਵੇਖਣਗੇ।”
7ਤਦ ਯੂਹੰਨਾ ਉਨ੍ਹਾਂ ਭੀੜਾਂ ਨੂੰ ਜੋ ਉਹ ਦੇ ਕੋਲ ਬਪਤਿਸਮਾ ਲੈਣ ਆਉਂਦੀਆਂ ਸਨ ਆਖਣ ਲੱਗਾ: “ਹੇ ਸੱਪਾਂ ਦੀ ਅੌਲਾਦ! ਤੁਹਾਨੂੰ ਆਉਣ ਵਾਲੇ ਕ੍ਰੋਧ ਤੋਂ ਭੱਜਣ ਦੀ ਚੇਤਾਵਨੀ ਕਿਸ ਨੇ ਦਿੱਤੀ? 8ਸੋ ਤੋਬਾ ਦੇ ਜੋਗ ਫਲ ਲਿਆਓ। ਅਤੇ ਆਪਣੇ ਮਨ ਵਿੱਚ ਇਹ ਕਹਿਣਾ ਸ਼ੁਰੂ ਨਾ ਕਰੋ, ‘ਅਬਰਾਹਾਮ ਸਾਡਾ ਪਿਤਾ ਹੈ।’ ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਕਿ ਸਾਡਾ ਪਿਤਾ ਇਨ੍ਹਾਂ ਪੱਥਰਾਂ ਤੋਂ ਵੀ ਅਬਰਾਹਾਮ ਲਈ ਸੰਤਾਨ ਖੜ੍ਹੀ ਕਰ ਸਕਦਾ ਹੈ। 9ਹੁਣ ਕੁਹਾੜਾ ਰੁੱਖਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ; ਸੋ ਹਰੇਕ ਰੁੱਖ ਜੋ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।”
10ਤਦ ਭੀੜਾਂ ਨੇ ਉਹ ਨੂੰ ਪੁੱਛਿਆ, “ਫਿਰ ਅਸੀਂ ਕੀ ਕਰੀਏ?”
11ਉਸ ਨੇ ਉੱਤਰ ਦਿੱਤਾ, “ਜਿਸ ਦੇ ਕੋਲ ਦੋ ਕੁੜਤੇ ਹੋਣ ਉਹ ਉਸ ਨੂੰ ਦੇ ਦੇਵੇ ਜਿਸ ਦੇ ਕੋਲ ਨਹੀਂ; ਅਤੇ ਜਿਸ ਦੇ ਕੋਲ ਭੋਜਨ ਹੋਵੇ ਉਹ ਵੀ ਇਵੇਂ ਹੀ ਕਰੇ।”
12ਮਸੂਲੀਏ ਵੀ ਬਪਤਿਸਮਾ ਲੈਣ ਆਏ ਅਤੇ ਉਹ ਨੂੰ ਆਖਣ ਲੱਗੇ, “ਗੁਰੂ ਜੀ, ਅਸੀਂ ਕੀ ਕਰੀਏ?”
13ਉਸ ਨੇ ਉਨ੍ਹਾਂ ਨੂੰ ਆਖਿਆ, “ਜਿੰਨਾ ਤੁਹਾਡੇ ਲਈ ਠਹਿਰਾਇਆ ਗਿਆ ਹੈ ਉਸ ਤੋਂ ਵੱਧ ਨਾ ਲਓ।”
14ਸਿਪਾਹੀਆਂ ਨੇ ਵੀ ਉਹ ਨੂੰ ਪੁੱਛਿਆ, “ਅਤੇ ਅਸੀਂ—ਅਸੀਂ ਕੀ ਕਰੀਏ?” ਉਸ ਨੇ ਉਨ੍ਹਾਂ ਨੂੰ ਆਖਿਆ, “ਕਿਸੇ ਨਾਲ ਜ਼ੋਰ-ਜਬਰ ਜਾਂ ਝੂਠੇ ਦੋਸ਼ ਲਾ ਕੇ ਧੱਕਾ ਨਾ ਕਰੋ; ਆਪਣੀ ਤਨਖ਼ਾਹ ਉੱਤੇ ਸੰਤੋਖ ਰੱਖੋ।”
15ਲੋਕ ਉਡੀਕ ਵਿੱਚ ਸਨ ਅਤੇ ਸਾਰੇ ਆਪਣੇ ਮਨਾਂ ਵਿੱਚ ਯੂਹੰਨਾ ਬਾਰੇ ਸੋਚਦੇ ਸਨ ਕਿ ਕਿਤੇ ਇਹੀ ਤਾਂ ਮਸੀਹ ਨਹੀਂ। 16ਯੂਹੰਨਾ ਨੇ ਉਨ੍ਹਾਂ ਸਭਨਾਂ ਨੂੰ ਉੱਤਰ ਦਿੱਤਾ, “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ। ਪਰ ਇੱਕ ਮੇਰੇ ਨਾਲੋਂ ਬਲਵਾਨ ਆ ਰਿਹਾ ਹੈ—ਮੈਂ ਇਸ ਜੋਗ ਵੀ ਨਹੀਂ ਕਿ ਉਹ ਦੀ ਜੁੱਤੀ ਦਾ ਤਸਮਾ ਖੋਲ੍ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 17ਉਹ ਦੇ ਹੱਥ ਵਿੱਚ ਤੰਗਲੀ ਹੈ, ਉਹ ਆਪਣਾ ਪਿੜ ਚੰਗੀ ਤਰ੍ਹਾਂ ਸਾਫ਼ ਕਰੇਗਾ, ਅਤੇ ਕਣਕ ਨੂੰ ਆਪਣੇ ਗੋਦਾਮ ਵਿੱਚ ਇਕੱਠਾ ਕਰੇਗਾ, ਪਰ ਭੋਹ ਨੂੰ ਉਸ ਅੱਗ ਵਿੱਚ ਸਾੜੇਗਾ ਜੋ ਬੁਝਾਈ ਨਹੀਂ ਜਾ ਸਕਦੀ।”
18ਅਤੇ ਹੋਰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦਿੰਦਿਆਂ ਯੂਹੰਨਾ ਲੋਕਾਂ ਨੂੰ ਖ਼ੁਸ਼ਖ਼ਬਰੀ ਸੁਣਾਉਂਦਾ ਰਿਹਾ। 19ਪਰ ਯੂਹੰਨਾ ਨੇ ਰਾਜਪਾਲ ਹੇਰੋਦੇਸ ਨੂੰ ਉਹ ਦੇ ਭਰਾ ਦੀ ਪਤਨੀ ਹੇਰੋਦਿਯਾਸ ਦੇ ਕਾਰਨ, ਅਤੇ ਉਨ੍ਹਾਂ ਸਾਰੀਆਂ ਬੁਰਾਈਆਂ ਦੇ ਕਾਰਨ ਜੋ ਹੇਰੋਦੇਸ ਨੇ ਕੀਤੀਆਂ ਸਨ, ਝਿੜਕਿਆ, 20ਤਾਂ ਹੇਰੋਦੇਸ ਨੇ ਇਹ ਵੀ ਸਾਰਿਆਂ ਉੱਤੇ ਵਧਾ ਦਿੱਤੀ: ਉਸ ਨੇ ਯੂਹੰਨਾ ਨੂੰ ਕੈਦਖ਼ਾਨੇ ਵਿੱਚ ਬੰਦ ਕਰ ਦਿੱਤਾ।
ਪਿਤਾ ਆਪਣੇ ਪੁੱਤਰ ਨੂੰ ਪਿਆਰਾ ਆਖਦਾ ਹੈ
21ਜਦੋਂ ਸਾਰੇ ਲੋਕ ਬਪਤਿਸਮਾ ਲੈ ਚੁੱਕੇ ਸਨ, ਤਾਂ ਯਿਸੂ ਨੇ ਵੀ ਬਪਤਿਸਮਾ ਲਿਆ। ਅਤੇ ਜਦੋਂ ਉਹ ਪ੍ਰਾਰਥਨਾ ਕਰ ਰਹੇ ਸਨ ਤਾਂ ਅਕਾਸ਼ ਖੁੱਲ੍ਹ ਗਿਆ,
22ਅਤੇ ਪਵਿੱਤਰ ਆਤਮਾ ਸਰੀਰੀ ਰੂਪ ਵਿੱਚ ਘੁੱਗੀ ਵਾਂਗ ਉਹ ਦੇ ਉੱਤੇ ਉੱਤਰਿਆ। ਅਤੇ ਅਕਾਸ਼ੋਂ ਇੱਕ ਅਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਤੇਰੇ ਤੋਂ ਮੈਂ ਪਰਸੰਨ ਹਾਂ।”
23ਯਿਸੂ ਆਪ ਲਗਭਗ ਤੀਹ ਸਾਲ ਦੇ ਸਨ ਜਦੋਂ ਉਨ੍ਹਾਂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਅਤੇ ਲੋਕ ਸਮਝਦੇ ਸਨ ਕਿ ਉਹ ਯੂਸੁਫ਼ ਦਾ ਪੁੱਤਰ ਸੀ, ਜੋ ਹੇਲੀ ਦਾ ਪੁੱਤਰ ਸੀ, 24ਜੋ ਮੱਤਾਤ ਦਾ ਪੁੱਤਰ ਸੀ, ਜੋ ਲੇਵੀ ਦਾ ਪੁੱਤਰ ਸੀ, ਜੋ ਮਲਕੀ ਦਾ ਪੁੱਤਰ ਸੀ, ਜੋ ਯੰਨਾਈ ਦਾ ਪੁੱਤਰ ਸੀ, ਜੋ ਯੂਸੁਫ਼ ਦਾ ਪੁੱਤਰ ਸੀ, 25ਜੋ ਮੱਤਿਥਿਯਾਹ ਦਾ ਪੁੱਤਰ ਸੀ, ਜੋ ਆਮੋਸ ਦਾ ਪੁੱਤਰ ਸੀ, ਜੋ ਨਹੂਮ ਦਾ ਪੁੱਤਰ ਸੀ, ਜੋ ਹਸਲੀ ਦਾ ਪੁੱਤਰ ਸੀ, ਜੋ ਨੱਗਈ ਦਾ ਪੁੱਤਰ ਸੀ, 26ਜੋ ਮਾਥ ਦਾ ਪੁੱਤਰ ਸੀ, ਜੋ ਮੱਤਿਥਿਯਾਹ ਦਾ ਪੁੱਤਰ ਸੀ, ਜੋ ਸ਼ਿਮਈ ਦਾ ਪੁੱਤਰ ਸੀ, ਜੋ ਯੋਸੇਕ ਦਾ ਪੁੱਤਰ ਸੀ, ਜੋ ਯੋਦਾ ਦਾ ਪੁੱਤਰ ਸੀ, 27ਜੋ ਯੋਹਾਨਾਨ ਦਾ ਪੁੱਤਰ ਸੀ, ਜੋ ਰੇਸਾ ਦਾ ਪੁੱਤਰ ਸੀ, ਜੋ ਜ਼ਰੁੱਬਾਬਲ ਦਾ ਪੁੱਤਰ ਸੀ, ਜੋ ਸ਼ਅਲਤੀਏਲ ਦਾ ਪੁੱਤਰ ਸੀ, ਜੋ ਨੇਰੀ ਦਾ ਪੁੱਤਰ ਸੀ, 28ਜੋ ਮਲਕੀ ਦਾ ਪੁੱਤਰ ਸੀ, ਜੋ ਅੱਦੀ ਦਾ ਪੁੱਤਰ ਸੀ, ਜੋ ਕੋਸਾਮ ਦਾ ਪੁੱਤਰ ਸੀ, ਜੋ ਇਲਮੋਦਾਮ ਦਾ ਪੁੱਤਰ ਸੀ, ਜੋ ਏਰ ਦਾ ਪੁੱਤਰ ਸੀ, 29ਜੋ ਯੇਸ਼ੂਆ ਦਾ ਪੁੱਤਰ ਸੀ, ਜੋ ਇਲੀਅਜ਼ਰ ਦਾ ਪੁੱਤਰ ਸੀ, ਜੋ ਯੋਰੀਮ ਦਾ ਪੁੱਤਰ ਸੀ, ਜੋ ਮੱਤਾਤ ਦਾ ਪੁੱਤਰ ਸੀ, ਜੋ ਲੇਵੀ ਦਾ ਪੁੱਤਰ ਸੀ, 30ਜੋ ਸ਼ਮਊਨ ਦਾ ਪੁੱਤਰ ਸੀ, ਜੋ ਯਹੂਦਾਹ ਦਾ ਪੁੱਤਰ ਸੀ, ਜੋ ਯੂਸੁਫ਼ ਦਾ ਪੁੱਤਰ ਸੀ, ਜੋ ਯੋਨਾਮ ਦਾ ਪੁੱਤਰ ਸੀ, ਜੋ ਇਲਯਾਕੀਮ ਦਾ ਪੁੱਤਰ ਸੀ, 31ਜੋ ਮਲਾਹ ਦਾ ਪੁੱਤਰ ਸੀ, ਜੋ ਮੰਨਾ ਦਾ ਪੁੱਤਰ ਸੀ, ਜੋ ਮੱਤਾਥਾ ਦਾ ਪੁੱਤਰ ਸੀ, ਜੋ ਨਾਥਾਨ ਦਾ ਪੁੱਤਰ ਸੀ, ਜੋ ਦਾਊਦ ਦਾ ਪੁੱਤਰ ਸੀ, 32ਜੋ ਯੱਸੀ ਦਾ ਪੁੱਤਰ ਸੀ, ਜੋ ਓਬੇਦ ਦਾ ਪੁੱਤਰ ਸੀ, ਜੋ ਬੋਅਜ਼ ਦਾ ਪੁੱਤਰ ਸੀ, ਜੋ ਸਲਮੋਨ ਦਾ ਪੁੱਤਰ ਸੀ, ਜੋ ਨਹਸ਼ੋਨ ਦਾ ਪੁੱਤਰ ਸੀ, 33ਜੋ ਅੰਮੀਨਾਦਾਬ ਦਾ ਪੁੱਤਰ ਸੀ, ਜੋ ਅਦਮੀਨ ਦਾ ਪੁੱਤਰ ਸੀ, ਜੋ ਅਰਨੀ ਦਾ ਪੁੱਤਰ ਸੀ, ਜੋ ਹਸਰੋਨ ਦਾ ਪੁੱਤਰ ਸੀ, ਜੋ ਫਾਰਸ ਦਾ ਪੁੱਤਰ ਸੀ, ਜੋ ਯਹੂਦਾਹ ਦਾ ਪੁੱਤਰ ਸੀ, 34ਜੋ ਯਾਕੂਬ ਦਾ ਪੁੱਤਰ ਸੀ, ਜੋ ਇਸਹਾਕ ਦਾ ਪੁੱਤਰ ਸੀ, ਜੋ ਅਬਰਾਹਾਮ ਦਾ ਪੁੱਤਰ ਸੀ, ਜੋ ਤਾਰਹ ਦਾ ਪੁੱਤਰ ਸੀ, ਜੋ ਨਾਹੋਰ ਦਾ ਪੁੱਤਰ ਸੀ, 35ਜੋ ਸਰੂਗ ਦਾ ਪੁੱਤਰ ਸੀ, ਜੋ ਰਊ ਦਾ ਪੁੱਤਰ ਸੀ, ਜੋ ਫ਼ਲਗ ਦਾ ਪੁੱਤਰ ਸੀ, ਜੋ ਏਬਰ ਦਾ ਪੁੱਤਰ ਸੀ, ਜੋ ਸ਼ਲਹ ਦਾ ਪੁੱਤਰ ਸੀ, 36ਜੋ ਕੇਨਾਨ ਦਾ ਪੁੱਤਰ ਸੀ, ਜੋ ਅਰਪਕਸ਼ਦ ਦਾ ਪੁੱਤਰ ਸੀ, ਜੋ ਸ਼ੇਮ ਦਾ ਪੁੱਤਰ ਸੀ, ਜੋ ਨੂਹ ਦਾ ਪੁੱਤਰ ਸੀ, ਜੋ ਲਾਮਕ ਦਾ ਪੁੱਤਰ ਸੀ, 37ਜੋ ਮਥੂਸ਼ਲਹ ਦਾ ਪੁੱਤਰ ਸੀ, ਜੋ ਹਨੋਕ ਦਾ ਪੁੱਤਰ ਸੀ, ਜੋ ਯਰਦ ਦਾ ਪੁੱਤਰ ਸੀ, ਜੋ ਮਹਲਲੇਲ ਦਾ ਪੁੱਤਰ ਸੀ, ਜੋ ਕੇਨਾਨ ਦਾ ਪੁੱਤਰ ਸੀ, 38ਜੋ ਅਨੋਸ਼ ਦਾ ਪੁੱਤਰ ਸੀ, ਜੋ ਸੇਥ ਦਾ ਪੁੱਤਰ ਸੀ, ਜੋ ਆਦਮ ਦਾ ਪੁੱਤਰ ਸੀ, ਜੋ ਸਾਡੇ ਪਿਤਾ ਦਾ ਪੁੱਤਰ ਸੀ।