ਯਿਸੂ ਚਾਰ ਹਜ਼ਾਰ ਨੂੰ ਭੋਜਨ ਖੁਆਉਂਦਾ ਹੈ
ਯਿਸੂ ਚਾਰ ਹਜ਼ਾਰ ਨੂੰ ਖੁਆਉਂਦਾ ਹੈ, ਕੋਈ ਨਿਸ਼ਾਨ ਦੇਣ ਤੋਂ ਇਨਕਾਰ ਕਰਦਾ ਹੈ, ਅਤੇ ਫ਼ਰੀਸੀਆਂ ਦੇ ਖ਼ਮੀਰ ਤੋਂ ਸਾਵਧਾਨ ਕਰਦਾ ਹੈ। ਇੱਕ ਅੰਨ੍ਹਾ ਦੋ ਪੜਾਵਾਂ ਵਿੱਚ ਵੇਖਣ ਲੱਗਦਾ ਹੈ। ਪਤਰਸ ਉਸ ਨੂੰ ਮਸੀਹ ਆਖਦਾ ਹੈ, ਫਿਰ ਇਹ ਕਹਿਣ ਉੱਤੇ ਉਸ ਨੂੰ ਝਿੜਕਦਾ ਹੈ ਕਿ ਉਸ ਨੂੰ ਮਰਨਾ ਪਵੇਗਾ, ਅਤੇ ਉਸ ਨੂੰ ਸ਼ੈਤਾਨ ਕਿਹਾ ਜਾਂਦਾ ਹੈ, ਜੋ ਸਾਡੇ ਪਿਤਾ ਦੀਆਂ ਨਹੀਂ ਸਗੋਂ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ।
8 1ਉਨ੍ਹਾਂ ਦਿਨਾਂ ਵਿੱਚ ਫੇਰ ਇੱਕ ਵੱਡੀ ਭੀੜ ਇਕੱਠੀ ਹੋ ਗਈ ਅਤੇ ਉਨ੍ਹਾਂ ਕੋਲ ਖਾਣ ਨੂੰ ਕੁਝ ਨਹੀਂ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਬੁਲਾ ਕੇ ਕਿਹਾ,
2"ਮੈਨੂੰ ਇਸ ਭੀੜ ਉੱਤੇ ਤਰਸ ਆਉਂਦਾ ਹੈ—ਇਹ ਤਿੰਨ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਇਨ੍ਹਾਂ ਕੋਲ ਖਾਣ ਨੂੰ ਕੁਝ ਨਹੀਂ ਹੈ। 3ਜੇ ਮੈਂ ਇਨ੍ਹਾਂ ਨੂੰ ਭੁੱਖਿਆਂ ਹੀ ਘਰ ਭੇਜ ਦਿਆਂ, ਤਾਂ ਇਹ ਰਾਹ ਵਿੱਚ ਨਿਢਾਲ ਹੋ ਜਾਣਗੇ—ਕਈ ਤਾਂ ਦੂਰੋਂ ਆਏ ਹੋਏ ਹਨ।"
4ਅਤੇ ਉਹ ਦੇ ਚੇਲਿਆਂ ਨੇ ਉਹ ਨੂੰ ਉੱਤਰ ਦਿੱਤਾ, "ਇੱਥੇ ਉਜਾੜ ਵਿੱਚ ਕੋਈ ਇਨ੍ਹਾਂ ਲੋਕਾਂ ਨੂੰ ਰੋਟੀ ਨਾਲ ਕਿਵੇਂ ਰਜਾ ਸਕਦਾ ਹੈ?"
5ਅਤੇ ਉਸ ਨੇ ਉਨ੍ਹਾਂ ਨੂੰ ਪੁੱਛਿਆ, "ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?" ਉਨ੍ਹਾਂ ਨੇ ਕਿਹਾ, "ਸੱਤ।"
6ਉਸ ਨੇ ਭੀੜ ਨੂੰ ਧਰਤੀ ਉੱਤੇ ਬੈਠਣ ਲਈ ਕਿਹਾ, ਅਤੇ ਉਹ ਸੱਤ ਰੋਟੀਆਂ ਲੈ ਕੇ ਧੰਨਵਾਦ ਕੀਤਾ, ਉਨ੍ਹਾਂ ਨੂੰ ਤੋੜਿਆ, ਅਤੇ ਲੋਕਾਂ ਨੂੰ ਵਰਤਾਉਣ ਲਈ ਆਪਣੇ ਚੇਲਿਆਂ ਨੂੰ ਦਿੱਤੀਆਂ; ਅਤੇ ਉਨ੍ਹਾਂ ਨੇ ਭੀੜ ਨੂੰ ਵਰਤਾਈਆਂ। 7ਉਨ੍ਹਾਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ; ਉਨ੍ਹਾਂ ਉੱਤੇ ਬਰਕਤ ਮੰਗ ਕੇ ਉਸ ਨੇ ਚੇਲਿਆਂ ਨੂੰ ਕਿਹਾ ਕਿ ਇਹ ਵੀ ਲੋਕਾਂ ਨੂੰ ਵਰਤਾਉਣ। 8ਅਤੇ ਉਨ੍ਹਾਂ ਨੇ ਖਾਧਾ ਅਤੇ ਰੱਜ ਗਏ। ਅਤੇ ਉਨ੍ਹਾਂ ਨੇ ਬਚੇ ਹੋਏ ਟੁਕੜਿਆਂ ਦੀਆਂ ਸੱਤ ਟੋਕਰੀਆਂ ਚੁੱਕੀਆਂ। 9ਉੱਥੇ ਲਗਭਗ ੪,੦੦੦ ਲੋਕ ਸਨ। ਅਤੇ ਉਸ ਨੇ ਉਨ੍ਹਾਂ ਨੂੰ ਵਿਦਾ ਕਰ ਦਿੱਤਾ।
10ਫੇਰ ਉਹ ਝੱਟ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਚੜ੍ਹ ਕੇ ਦਲਮਨੂਥਾ ਦੇ ਇਲਾਕੇ ਵਿੱਚ ਗਿਆ।
ਨਿਸ਼ਾਨ ਮੰਗਣ ਵਾਲੀ ਪੀੜ੍ਹੀ
11ਫ਼ਰੀਸੀ ਆਏ ਅਤੇ ਉਸ ਨਾਲ ਬਹਿਸ ਕਰਨ ਲੱਗੇ, ਅਤੇ ਉਸ ਨੂੰ ਪਰਖਦਿਆਂ ਸੁਰਗ ਵੱਲੋਂ ਇੱਕ ਨਿਸ਼ਾਨ ਮੰਗਿਆ।
12ਆਪਣੇ ਆਤਮਾ ਵਿੱਚ ਡੂੰਘਾ ਹਾਉਕਾ ਭਰ ਕੇ ਉਸ ਨੇ ਕਿਹਾ, "ਇਹ ਪੀੜ੍ਹੀ ਕਿਉਂ ਨਿਸ਼ਾਨ ਮੰਗਦੀ ਹੈ? ਮੈਂ ਤੁਹਾਨੂੰ ਸੱਚ ਆਖਦਾ ਹਾਂ, ਇਸ ਪੀੜ੍ਹੀ ਨੂੰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ।"
13ਅਤੇ ਉਹ ਉਨ੍ਹਾਂ ਨੂੰ ਛੱਡ ਕੇ ਫੇਰ ਬੇੜੀ ਵਿੱਚ ਚੜ੍ਹ ਗਿਆ ਅਤੇ ਪਾਰ ਚਲਾ ਗਿਆ।
ਫ਼ਰੀਸੀਆਂ ਦੇ ਖ਼ਮੀਰ ਤੋਂ ਸਾਵਧਾਨ ਰਹੋ
14ਉਹ ਰੋਟੀ ਲਿਆਉਣੀ ਭੁੱਲ ਗਏ ਸਨ—ਬੇੜੀ ਵਿੱਚ ਉਨ੍ਹਾਂ ਕੋਲ ਸਿਰਫ਼ ਇੱਕੋ ਰੋਟੀ ਸੀ।
15ਅਤੇ ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ, "ਖ਼ਬਰਦਾਰ ਰਹੋ—ਫ਼ਰੀਸੀਆਂ ਦੇ ਖ਼ਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਸਾਵਧਾਨ ਰਹੋ।"
16ਅਤੇ ਉਹ ਆਪੋ ਵਿੱਚ ਗੱਲਾਂ ਕਰਨ ਲੱਗੇ ਕਿ ਸਾਡੇ ਕੋਲ ਰੋਟੀ ਨਹੀਂ ਹੈ।
17ਇਹ ਜਾਣ ਕੇ ਯਿਸੂ ਨੇ ਪੁੱਛਿਆ, "ਤੁਸੀਂ ਕਿਉਂ ਇਹ ਗੱਲ ਕਰਦੇ ਹੋ ਕਿ ਸਾਡੇ ਕੋਲ ਰੋਟੀ ਨਹੀਂ? ਕੀ ਤੁਸੀਂ ਹਾਲੇ ਵੀ ਨਹੀਂ ਸਮਝਦੇ ਤੇ ਬੁੱਝਦੇ? ਕੀ ਤੁਹਾਡੇ ਦਿਲ ਕਠੋਰ ਹੋ ਗਏ ਹਨ? 18ਅੱਖਾਂ ਹੁੰਦਿਆਂ ਵੀ ਤੁਸੀਂ ਨਹੀਂ ਵੇਖਦੇ? ਕੰਨ ਹੁੰਦਿਆਂ ਵੀ ਤੁਸੀਂ ਨਹੀਂ ਸੁਣਦੇ? ਅਤੇ ਕੀ ਤੁਹਾਨੂੰ ਯਾਦ ਨਹੀਂ? 19ਜਦੋਂ ਮੈਂ ੫,੦੦੦ ਲਈ ਪੰਜ ਰੋਟੀਆਂ ਤੋੜੀਆਂ ਸਨ, ਤਾਂ ਤੁਸੀਂ ਟੁਕੜਿਆਂ ਨਾਲ ਭਰੀਆਂ ਹੋਈਆਂ ਕਿੰਨੀਆਂ ਟੋਕਰੀਆਂ ਇਕੱਠੀਆਂ ਕੀਤੀਆਂ ਸਨ?" ਉਨ੍ਹਾਂ ਨੇ ਕਿਹਾ, "ਬਾਰ੍ਹਾਂ।"
20"ਅਤੇ ਜਦੋਂ ਮੈਂ ੪,੦੦੦ ਲਈ ਸੱਤ ਰੋਟੀਆਂ ਤੋੜੀਆਂ ਸਨ, ਤਾਂ ਤੁਸੀਂ ਟੁੱਟੇ ਹੋਏ ਟੁਕੜਿਆਂ ਨਾਲ ਭਰੀਆਂ ਹੋਈਆਂ ਕਿੰਨੀਆਂ ਟੋਕਰੀਆਂ ਇਕੱਠੀਆਂ ਕੀਤੀਆਂ ਸਨ?" ਉਨ੍ਹਾਂ ਨੇ ਕਿਹਾ, "ਸੱਤ।"
21ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, "ਕੀ ਤੁਸੀਂ ਹਾਲੇ ਵੀ ਨਹੀਂ ਸਮਝਦੇ?"
ਇੱਕ ਅੰਨ੍ਹੇ ਨੂੰ ਨਜ਼ਰ ਮਿਲਦੀ ਹੈ
22ਉਹ ਬੈਤਸੈਦਾ ਵਿੱਚ ਆਏ, ਜਿੱਥੇ ਲੋਕ ਇੱਕ ਅੰਨ੍ਹੇ ਨੂੰ ਉਸ ਕੋਲ ਲਿਆਏ ਅਤੇ ਯਿਸੂ ਦੀ ਮਿੰਨਤ ਕੀਤੀ ਕਿ ਉਹ ਉਸ ਨੂੰ ਛੂਹੇ।
23ਉਸ ਨੇ ਅੰਨ੍ਹੇ ਦਾ ਹੱਥ ਫੜ ਕੇ ਉਸ ਨੂੰ ਪਿੰਡੋਂ ਬਾਹਰ ਲੈ ਗਿਆ, ਉਸ ਦੀਆਂ ਅੱਖਾਂ ਉੱਤੇ ਥੁੱਕਿਆ, ਉਸ ਉੱਤੇ ਹੱਥ ਰੱਖੇ, ਅਤੇ ਪੁੱਛਿਆ, "ਕੀ ਤੈਨੂੰ ਕੁਝ ਦਿਸਦਾ ਹੈ?"
24ਉਸ ਨੇ ਉੱਤੇ ਵੱਲ ਵੇਖ ਕੇ ਕਿਹਾ, "ਮੈਨੂੰ ਲੋਕ ਦਿਸਦੇ ਹਨ, ਪਰ ਉਹ ਤੁਰਦੇ ਹੋਏ ਦਰਖ਼ਤਾਂ ਵਰਗੇ ਲੱਗਦੇ ਹਨ।"
25ਫੇਰ ਯਿਸੂ ਨੇ ਦੁਬਾਰਾ ਉਸ ਦੀਆਂ ਅੱਖਾਂ ਉੱਤੇ ਹੱਥ ਰੱਖੇ; ਉਸ ਨੇ ਗਹੁ ਨਾਲ ਵੇਖਿਆ, ਉਹ ਚੰਗਾ ਹੋ ਗਿਆ, ਅਤੇ ਸਭ ਕੁਝ ਸਾਫ਼-ਸਾਫ਼ ਵੇਖਣ ਲੱਗਾ।
26ਅਤੇ ਉਸ ਨੇ ਉਸ ਨੂੰ ਇਹ ਆਖ ਕੇ ਘਰ ਭੇਜ ਦਿੱਤਾ, "ਪਿੰਡ ਵਿੱਚ ਵੀ ਨਾ ਵੜੀਂ।"
ਤੁਸੀਂ ਮੈਨੂੰ ਕੀ ਆਖਦੇ ਹੋ?
27ਯਿਸੂ ਅਤੇ ਉਸ ਦੇ ਚੇਲੇ ਕੈਸਰੀਆ ਫ਼ਿਲਿੱਪੀ ਦੇ ਪਿੰਡਾਂ ਵੱਲ ਗਏ। ਰਾਹ ਵਿੱਚ ਉਸ ਨੇ ਉਨ੍ਹਾਂ ਨੂੰ ਪੁੱਛਿਆ, "ਲੋਕ ਮੈਨੂੰ ਕੀ ਆਖਦੇ ਹਨ?"
28ਉਨ੍ਹਾਂ ਨੇ ਉਸ ਨੂੰ ਕਿਹਾ, "ਯੂਹੰਨਾ ਬਪਤਿਸਮਾ ਦੇਣ ਵਾਲਾ; ਅਤੇ ਹੋਰ ਏਲੀਯਾਹ ਆਖਦੇ ਹਨ; ਅਤੇ ਹੋਰ, ਨਬੀਆਂ ਵਿੱਚੋਂ ਕੋਈ ਇੱਕ।"
29ਫੇਰ ਉਸ ਨੇ ਉਨ੍ਹਾਂ ਨੂੰ ਪੁੱਛਿਆ, "ਪਰ ਤੁਸੀਂ ਮੈਨੂੰ ਕੀ ਆਖਦੇ ਹੋ?" ਪਤਰਸ ਨੇ ਉੱਤਰ ਦਿੱਤਾ, "ਤੂੰ ਮਸੀਹ ਹੈਂ।"
30ਅਤੇ ਉਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਚਿਤਾਵਨੀ ਦਿੱਤੀ ਕਿ ਉਹ ਉਸ ਬਾਰੇ ਕਿਸੇ ਨੂੰ ਨਾ ਦੱਸਣ।
ਮਨੁੱਖ ਦੇ ਪੁੱਤਰ ਦਾ ਦੁੱਖ ਝੱਲਣਾ ਜ਼ਰੂਰੀ ਹੈ
31ਉਹ ਉਨ੍ਹਾਂ ਨੂੰ ਸਿਖਾਉਣ ਲੱਗਾ ਕਿ ਮਨੁੱਖ ਦੇ ਪੁੱਤਰ ਲਈ ਬਹੁਤ ਦੁੱਖ ਝੱਲਣਾ, ਬਜ਼ੁਰਗਾਂ, ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਵੱਲੋਂ ਰੱਦ ਕੀਤੇ ਜਾਣਾ, ਮਾਰੇ ਜਾਣਾ, ਅਤੇ ਤਿੰਨ ਦਿਨਾਂ ਪਿੱਛੋਂ ਜੀ ਉੱਠਣਾ ਜ਼ਰੂਰੀ ਹੈ। 32ਉਸ ਨੇ ਇਹ ਗੱਲ ਸਾਫ਼-ਸਾਫ਼ ਆਖੀ। ਅਤੇ ਪਤਰਸ ਉਸ ਨੂੰ ਇੱਕ ਪਾਸੇ ਲੈ ਜਾ ਕੇ ਝਿੜਕਣ ਲੱਗਾ।
33ਪਰ ਉਸ ਨੇ ਮੁੜ ਕੇ ਆਪਣੇ ਚੇਲਿਆਂ ਵੱਲ ਵੇਖਿਆ ਅਤੇ ਪਤਰਸ ਨੂੰ ਝਿੜਕਿਆ, "ਹੇ ਸ਼ੈਤਾਨ, ਮੇਰੇ ਪਿੱਛੇ ਹੋ ਜਾਹ! ਕਿਉਂਕਿ ਤੂੰ ਸਾਡੇ ਪਿਤਾ ਦੀਆਂ ਗੱਲਾਂ ਉੱਤੇ ਨਹੀਂ, ਸਗੋਂ ਮਨੁੱਖ ਦੀਆਂ ਗੱਲਾਂ ਉੱਤੇ ਮਨ ਲਾਉਂਦਾ ਹੈਂ।"
34ਉਸ ਨੇ ਭੀੜ ਅਤੇ ਆਪਣੇ ਚੇਲਿਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਕਿਹਾ, "ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ, ਆਪਣੀ ਸਲੀਬ ਚੁੱਕੇ, ਅਤੇ ਮੇਰੇ ਪਿੱਛੇ ਚੱਲੇ। 35ਜਿਹੜਾ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਉਸ ਨੂੰ ਗੁਆ ਦੇਵੇਗਾ; ਪਰ ਜਿਹੜਾ ਮੇਰੇ ਅਤੇ ਖ਼ੁਸ਼ ਖ਼ਬਰੀ ਦੇ ਲਈ ਆਪਣੀ ਜਾਨ ਗੁਆ ਦੇਵੇਗਾ, ਉਹ ਉਸ ਨੂੰ ਬਚਾ ਲਵੇਗਾ। 36ਮਨੁੱਖ ਨੂੰ ਕੀ ਲਾਭ, ਜੇ ਉਹ ਸਾਰਾ ਸੰਸਾਰ ਖੱਟ ਲਵੇ ਪਰ ਆਪਣੀ ਜਾਨ ਗੁਆ ਬੈਠੇ? 37ਕਿਉਂਕਿ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ? 38ਕਿਉਂਕਿ ਜਿਹੜਾ ਇਸ ਵਿਭਚਾਰੀ ਅਤੇ ਪਾਪੀ ਪੀੜ੍ਹੀ ਵਿੱਚ ਮੇਰੇ ਤੋਂ ਅਤੇ ਮੇਰੀਆਂ ਗੱਲਾਂ ਤੋਂ ਸ਼ਰਮਿੰਦਾ ਹੁੰਦਾ ਹੈ—ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਿੰਦਾ ਹੋਵੇਗਾ, ਜਦੋਂ ਉਹ ਪਵਿੱਤਰ ਦੂਤਾਂ ਨਾਲ ਆਪਣੇ ਪਿਤਾ ਦੀ ਮਹਿਮਾ ਵਿੱਚ ਆਵੇਗਾ।"