ਸਾਡਾ ਪਿਤਾ ਸ਼ਾਊਲ ਦੇ ਰਾਹੀਂ ਇਸਰਾਏਲ ਨੂੰ ਛੁਟਕਾਰਾ ਦਿੰਦਾ ਹੈ
11 1ਤਦ ਨਾਹਾਸ਼ ਅੰਮੋਨੀ ਨੇ ਚੜ੍ਹਾਈ ਕੀਤੀ ਅਤੇ ਯਾਬੇਸ਼-ਗਿਲਆਦ ਦੇ ਸਾਹਮਣੇ ਡੇਰਾ ਲਾਇਆ। ਯਾਬੇਸ਼ ਦੇ ਸਾਰੇ ਮਨੁੱਖਾਂ ਨੇ ਨਾਹਾਸ਼ ਨੂੰ ਆਖਿਆ, “ਸਾਡੇ ਨਾਲ ਨੇਮ ਬੰਨ੍ਹ, ਤਾਂ ਅਸੀਂ ਤੇਰੀ ਸੇਵਾ ਕਰਾਂਗੇ।”
2ਨਾਹਾਸ਼ ਅੰਮੋਨੀ ਨੇ ਉੱਤਰ ਦਿੱਤਾ, “ਮੈਂ ਤੁਹਾਡੇ ਨਾਲ ਇਸ ਸ਼ਰਤ ਉੱਤੇ ਨੇਮ ਬੰਨ੍ਹਾਂਗਾ ਕਿ ਮੈਂ ਹਰੇਕ ਦੀ ਸੱਜੀ ਅੱਖ ਕੱਢ ਸੁੱਟਾਂ, ਅਤੇ ਸਾਰੇ ਇਸਰਾਏਲ ਉੱਤੇ ਨਮੋਸ਼ੀ ਲਿਆਵਾਂ।”
3ਯਾਬੇਸ਼ ਦੇ ਬਜ਼ੁਰਗਾਂ ਨੇ ਉਹ ਨੂੰ ਆਖਿਆ, “ਸਾਨੂੰ ਸੱਤ ਦਿਨ ਦੇ ਦੇਹ ਤਾਂ ਜੋ ਅਸੀਂ ਸਾਰੇ ਇਸਰਾਏਲ ਦੇ ਇਲਾਕੇ ਵਿੱਚ ਸੰਦੇਸ਼ਵਾਹਕ ਭੇਜੀਏ। ਜੇ ਕੋਈ ਸਾਨੂੰ ਬਚਾਉਣ ਵਾਲਾ ਨਾ ਹੋਇਆ, ਤਾਂ ਅਸੀਂ ਤੇਰੇ ਅੱਗੇ ਆਤਮ-ਸਮਰਪਣ ਕਰਾਂਗੇ।” 4ਸੰਦੇਸ਼ਵਾਹਕ ਸ਼ਾਊਲ ਦੇ ਗਿਬਆਹ ਵਿੱਚ ਪਹੁੰਚੇ ਅਤੇ ਲੋਕਾਂ ਨੂੰ ਇਹ ਗੱਲਾਂ ਸੁਣਾਈਆਂ, ਅਤੇ ਸਾਰੇ ਲੋਕ ਉੱਚੀ ਅਵਾਜ਼ ਨਾਲ ਰੋਏ।
5ਠੀਕ ਉਸੇ ਵੇਲੇ ਸ਼ਾਊਲ ਆਪਣੇ ਬਲਦਾਂ ਦੇ ਪਿੱਛੇ ਖੇਤ ਵਿੱਚੋਂ ਆ ਰਿਹਾ ਸੀ। ਉਸ ਨੇ ਪੁੱਛਿਆ, “ਲੋਕਾਂ ਨੂੰ ਕੀ ਹੋਇਆ ਹੈ? ਉਹ ਕਿਉਂ ਰੋ ਰਹੇ ਹਨ?” ਸੋ ਉਨ੍ਹਾਂ ਨੇ ਉਸ ਨੂੰ ਯਾਬੇਸ਼ ਦੇ ਮਨੁੱਖਾਂ ਦੀ ਖ਼ਬਰ ਦੱਸੀ। 6ਜਦ ਸ਼ਾਊਲ ਨੇ ਇਹ ਗੱਲਾਂ ਸੁਣੀਆਂ, ਤਾਂ ਸਾਡੇ ਪਿਤਾ ਦਾ ਆਤਮਾ ਜ਼ੋਰ ਨਾਲ ਉਸ ਉੱਤੇ ਆਇਆ, ਅਤੇ ਉਸ ਦਾ ਕ੍ਰੋਧ ਬਹੁਤ ਭੜਕ ਉੱਠਿਆ। 7ਉਸ ਨੇ ਬਲਦਾਂ ਦੀ ਇੱਕ ਜੋੜੀ ਲੈ ਕੇ ਉਨ੍ਹਾਂ ਨੂੰ ਟੁਕੜੇ-ਟੁਕੜੇ ਕੀਤਾ ਅਤੇ ਸੰਦੇਸ਼ਵਾਹਕਾਂ ਦੇ ਹੱਥੀਂ ਸਾਰੇ ਇਸਰਾਏਲ ਦੇ ਇਲਾਕੇ ਵਿੱਚ ਭੇਜਿਆ, “ਜੋ ਕੋਈ ਸ਼ਾਊਲ ਅਤੇ ਸਮੂਏਲ ਦੇ ਪਿੱਛੇ ਬਾਹਰ ਨਾ ਨਿੱਕਲੇ, ਉਸ ਦੇ ਬਲਦਾਂ ਨਾਲ ਇਹੋ ਕੀਤਾ ਜਾਵੇਗਾ।” ਤਦ ਸਾਡੇ ਪਿਤਾ ਦਾ ਭੈ ਲੋਕਾਂ ਉੱਤੇ ਪੈ ਗਿਆ, ਅਤੇ ਉਹ ਇੱਕ ਮਨੁੱਖ ਵਾਂਗ ਬਾਹਰ ਨਿੱਕਲ ਆਏ। 8ਉਸ ਨੇ ਉਨ੍ਹਾਂ ਨੂੰ ਬਜ਼ਕ ਵਿੱਚ ਗਿਣਿਆ: ਤਿੰਨ ਲੱਖ ਇਸਰਾਏਲੀ, ਅਤੇ ਯਹੂਦਾਹ ਦੇ ਤੀਹ ਹਜ਼ਾਰ ਮਨੁੱਖ। 9ਉਨ੍ਹਾਂ ਨੇ ਆਏ ਹੋਏ ਸੰਦੇਸ਼ਵਾਹਕਾਂ ਨੂੰ ਆਖਿਆ, “ਯਾਬੇਸ਼-ਗਿਲਆਦ ਦੇ ਮਨੁੱਖਾਂ ਨੂੰ ਇਉਂ ਆਖੋ: ਕੱਲ੍ਹ ਧੁੱਪ ਤੇਜ਼ ਹੋਣ ਤੱਕ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ।” ਸੰਦੇਸ਼ਵਾਹਕਾਂ ਨੇ ਜਾ ਕੇ ਯਾਬੇਸ਼ ਦੇ ਮਨੁੱਖਾਂ ਨੂੰ ਦੱਸਿਆ, ਅਤੇ ਉਹ ਖ਼ੁਸ਼ ਹੋ ਗਏ। 10ਯਾਬੇਸ਼ ਦੇ ਮਨੁੱਖਾਂ ਨੇ ਆਖਿਆ, “ਕੱਲ੍ਹ ਅਸੀਂ ਤੁਹਾਡੇ ਅੱਗੇ ਆਤਮ-ਸਮਰਪਣ ਕਰਾਂਗੇ; ਜੋ ਤੁਹਾਨੂੰ ਚੰਗਾ ਲੱਗੇ ਸਾਡੇ ਨਾਲ ਕਰ ਲੈਣਾ।” 11ਅਗਲੇ ਦਿਨ ਸ਼ਾਊਲ ਨੇ ਲੋਕਾਂ ਨੂੰ ਤਿੰਨ ਟੋਲੀਆਂ ਵਿੱਚ ਵੰਡਿਆ। ਸਵੇਰ ਦੇ ਪਹਿਰ ਵੇਲੇ ਉਹ ਡੇਰੇ ਵਿੱਚ ਵੜ ਗਏ ਅਤੇ ਦਿਨ ਦੀ ਧੁੱਪ ਤੇਜ਼ ਹੋਣ ਤੱਕ ਅੰਮੋਨੀਆਂ ਨੂੰ ਮਾਰਦੇ ਰਹੇ; ਬਚੇ ਹੋਏ ਇਸ ਤਰ੍ਹਾਂ ਖਿੰਡ ਗਏ ਕਿ ਦੋ ਵੀ ਇਕੱਠੇ ਨਾ ਰਹੇ।
ਸਾਡੇ ਪਿਤਾ ਦੇ ਸਾਹਮਣੇ ਰਾਜ ਦੀ ਨਵਿਆਈ
12ਲੋਕਾਂ ਨੇ ਸਮੂਏਲ ਨੂੰ ਆਖਿਆ, “ਉਹ ਕੌਣ ਸੀ ਜਿਸ ਨੇ ਪੁੱਛਿਆ ਸੀ, ‘ਕੀ ਸ਼ਾਊਲ ਸਾਡੇ ਉੱਤੇ ਰਾਜ ਕਰੇਗਾ?’ ਉਹ ਮਨੁੱਖ ਸਾਡੇ ਹਵਾਲੇ ਕਰੋ, ਅਸੀਂ ਉਨ੍ਹਾਂ ਨੂੰ ਮਾਰ ਸੁੱਟਾਂਗੇ।”
13ਪਰ ਸ਼ਾਊਲ ਨੇ ਆਖਿਆ, “ਅੱਜ ਦੇ ਦਿਨ ਕੋਈ ਨਾ ਮਾਰਿਆ ਜਾਵੇਗਾ, ਕਿਉਂ ਜੋ ਅੱਜ ਸਾਡੇ ਪਿਤਾ ਨੇ ਇਸਰਾਏਲ ਨੂੰ ਛੁਟਕਾਰਾ ਦਿੱਤਾ ਹੈ।”
14ਸਮੂਏਲ ਨੇ ਲੋਕਾਂ ਨੂੰ ਆਖਿਆ, “ਆਓ, ਅਸੀਂ ਗਿਲਗਾਲ ਨੂੰ ਚੱਲੀਏ ਅਤੇ ਉੱਥੇ ਰਾਜ ਨੂੰ ਨਵਿਆਈਏ।” 15ਸਾਰੇ ਲੋਕ ਗਿਲਗਾਲ ਨੂੰ ਗਏ ਅਤੇ ਉੱਥੇ ਸਾਡੇ ਪਿਤਾ ਦੇ ਸਾਹਮਣੇ ਸ਼ਾਊਲ ਨੂੰ ਰਾਜਾ ਬਣਾਇਆ। ਉੱਥੇ ਉਨ੍ਹਾਂ ਨੇ ਸਾਡੇ ਪਿਤਾ ਦੇ ਸਾਹਮਣੇ ਸੁੱਖ-ਸਾਂਦ ਦੀਆਂ ਬਲੀਆਂ ਚੜ੍ਹਾਈਆਂ, ਅਤੇ ਸ਼ਾਊਲ ਅਤੇ ਸਾਰੇ ਇਸਰਾਏਲ ਦੇ ਮਨੁੱਖ ਬਹੁਤ ਅਨੰਦ ਹੋਏ।