ਪਰਿਵਾਰ ਮਿਲ ਕੇ ਕੰਧ ਨੂੰ ਦੁਬਾਰਾ ਉਸਾਰਦਾ ਹੈ
3 1ਪ੍ਰਧਾਨ ਜਾਜਕ ਅਲਯਾਸ਼ੀਬ ਅਤੇ ਉਹ ਦੇ ਸੰਗੀ ਜਾਜਕ ਉੱਠੇ ਅਤੇ ਉਨ੍ਹਾਂ ਨੇ ਭੇਡ ਫਾਟਕ ਬਣਾਇਆ। ਉਨ੍ਹਾਂ ਨੇ ਇਹ ਨੂੰ ਸਮਰਪਿਤ ਕੀਤਾ ਅਤੇ ਇਹ ਦੇ ਦਰਵਾਜ਼ੇ ਲਾਏ; ਉਨ੍ਹਾਂ ਨੇ ਹੰਮੇਆਹ ਦੇ ਬੁਰਜ ਤੋਂ ਲੈ ਕੇ ਹਨਨੇਲ ਦੇ ਬੁਰਜ ਤੱਕ ਇਹ ਨੂੰ ਸਮਰਪਿਤ ਕੀਤਾ। 2ਉਨ੍ਹਾਂ ਦੇ ਕੋਲ ਯਰੀਹੋ ਦੇ ਮਨੁੱਖਾਂ ਨੇ ਉਸਾਰੀ ਕੀਤੀ, ਅਤੇ ਉਨ੍ਹਾਂ ਦੇ ਕੋਲ ਇਮਰੀ ਦੇ ਪੁੱਤਰ ਜ਼ੱਕੂਰ ਨੇ ਉਸਾਰੀ ਕੀਤੀ।
3ਹੱਸਨਾਹ ਦੇ ਪੁੱਤਰਾਂ ਨੇ ਮੱਛੀ ਫਾਟਕ ਨੂੰ ਦੁਬਾਰਾ ਬਣਾਇਆ, ਇਹ ਦੇ ਸ਼ਤੀਰ ਲਾਏ, ਅਤੇ ਇਹ ਦੇ ਦਰਵਾਜ਼ੇ, ਚਿਟਕਨੀਆਂ ਤੇ ਅਰਲਾਂ ਲਾਈਆਂ। 4ਉਨ੍ਹਾਂ ਦੇ ਕੋਲ, ਹੱਕੋਸ ਦੇ ਪੋਤੇ, ਊਰੀਯਾਹ ਦੇ ਪੁੱਤਰ ਮਰੇਮੋਥ ਨੇ ਮੁਰੰਮਤ ਕੀਤੀ। ਉਨ੍ਹਾਂ ਦੇ ਕੋਲ, ਮਸ਼ੇਜ਼ਬੇਲ ਦੇ ਪੋਤੇ, ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਮੁਰੰਮਤ ਕੀਤੀ। ਉਨ੍ਹਾਂ ਦੇ ਕੋਲ, ਬਅਨਾ ਦੇ ਪੁੱਤਰ ਸਾਦੋਕ ਨੇ ਮੁਰੰਮਤ ਕੀਤੀ। 5ਉਨ੍ਹਾਂ ਦੇ ਕੋਲ ਤਕੋਈਆਂ ਨੇ ਮੁਰੰਮਤ ਕੀਤੀ, ਪਰ ਉਨ੍ਹਾਂ ਦੇ ਪਤਵੰਤਿਆਂ ਨੇ ਆਪਣੇ ਸੁਆਮੀਆਂ ਦੇ ਕੰਮ ਲਈ ਆਪਣੀਆਂ ਧੌਣਾਂ ਨਾ ਝੁਕਾਈਆਂ।
6ਪਾਸੇਅਹ ਦੇ ਪੁੱਤਰ ਯੋਯਾਦਾ ਅਤੇ ਬਸੋਦਯਾਹ ਦੇ ਪੁੱਤਰ ਮਸ਼ੁੱਲਾਮ ਨੇ ਪੁਰਾਣੇ ਫਾਟਕ ਦੀ ਮੁਰੰਮਤ ਕੀਤੀ: ਇਹ ਦੇ ਸ਼ਤੀਰ ਲਾਏ, ਇਹ ਦੇ ਦਰਵਾਜ਼ੇ, ਚਿਟਕਨੀਆਂ ਤੇ ਅਰਲਾਂ ਲਾਈਆਂ। 7ਉਨ੍ਹਾਂ ਦੇ ਕੋਲ, ਗਿਬਓਨੀ ਮਲਟਯਾਹ ਅਤੇ ਮੇਰੋਨੋਥੀ ਯਾਦੋਨ—ਗਿਬਓਨ ਤੇ ਮਿਸਪਾਹ ਦੇ ਮਨੁੱਖਾਂ—ਨੇ ਉਸ ਹਿੱਸੇ ਦੀ ਮੁਰੰਮਤ ਕੀਤੀ ਜਿਹੜਾ ਦਰਿਆ ਪਾਰ ਦੇ ਸੂਬੇ ਦੇ ਹਾਕਮ ਦੀ ਗੱਦੀ ਦਾ ਸੀ। a a v7 ਦਰਿਆ ਪਾਰ ਦਾ ਸੂਬਾ ਫ਼ਾਰਸੀ ਪ੍ਰਬੰਧਕੀ ਖੇਤਰ ਸੀ ਜਿਹੜਾ ਫ਼ਰਾਤ ਦਰਿਆ ਤੋਂ ਪੱਛਮ ਵੱਲ ਦੇ ਸਾਰੇ ਦੇਸ ਸ਼ਾਮਲ ਕਰਦਾ ਸੀ, ਯਹੂਦਾਹ ਸਮੇਤ। 8ਉਹ ਦੇ ਕੋਲ, ਸੁਨਿਆਰਿਆਂ ਵਿੱਚੋਂ ਇੱਕ, ਹਰਹਯਾਹ ਦੇ ਪੁੱਤਰ ਉੱਜ਼ੀਏਲ ਨੇ ਮੁਰੰਮਤ ਕੀਤੀ। ਉਹ ਦੇ ਕੋਲ, ਇੱਕ ਗੰਧੀ, ਹਨਨਯਾਹ ਨੇ ਮੁਰੰਮਤ ਕੀਤੀ। ਉਨ੍ਹਾਂ ਨੇ ਯਰੂਸ਼ਲਮ ਨੂੰ ਚੌੜੀ ਕੰਧ ਤੱਕ ਮੁੜ ਸਥਾਪਿਤ ਕੀਤਾ। 9ਉਨ੍ਹਾਂ ਦੇ ਕੋਲ ਯਰੂਸ਼ਲਮ ਦੇ ਅੱਧੇ ਜ਼ਿਲ੍ਹੇ ਦੇ ਸਰਦਾਰ, ਹੂਰ ਦੇ ਪੁੱਤਰ ਰਫ਼ਾਯਾਹ ਨੇ ਮੁਰੰਮਤ ਕੀਤੀ। 10ਉਨ੍ਹਾਂ ਦੇ ਕੋਲ ਹਰੂਮਫ਼ ਦੇ ਪੁੱਤਰ ਯਦਾਯਾਹ ਨੇ ਆਪਣੇ ਘਰ ਦੇ ਸਾਹਮਣੇ ਮੁਰੰਮਤ ਕੀਤੀ; ਉਹ ਦੇ ਕੋਲ ਹਸ਼ਬਨਯਾਹ ਦੇ ਪੁੱਤਰ ਹੱਟੂਸ਼ ਨੇ ਮੁਰੰਮਤ ਕੀਤੀ। 11ਹਾਰੀਮ ਦੇ ਪੁੱਤਰ ਮਲਕੀਯਾਹ ਅਤੇ ਪਹਥ-ਮੋਆਬ ਦੇ ਪੁੱਤਰ ਹੱਸ਼ੂਬ ਨੇ ਇੱਕ ਹੋਰ ਹਿੱਸੇ ਦੀ ਅਤੇ ਭੱਠੀਆਂ ਦੇ ਬੁਰਜ ਦੀ ਮੁਰੰਮਤ ਕੀਤੀ। 12ਉਹ ਦੇ ਕੋਲ ਯਰੂਸ਼ਲਮ ਦੇ ਅੱਧੇ ਜ਼ਿਲ੍ਹੇ ਦੇ ਸਰਦਾਰ, ਹੱਲੋਹੇਸ਼ ਦੇ ਪੁੱਤਰ ਸ਼ੱਲੂਮ ਨੇ ਮੁਰੰਮਤ ਕੀਤੀ—ਉਸ ਨੇ ਤੇ ਉਹ ਦੀਆਂ ਧੀਆਂ ਨੇ।
13ਹਾਨੂਨ ਅਤੇ ਜ਼ਾਨੋਅਹ ਦੇ ਲੋਕਾਂ ਨੇ ਵਾਦੀ ਫਾਟਕ ਦੀ ਮੁਰੰਮਤ ਕੀਤੀ, ਇਹ ਨੂੰ ਦੁਬਾਰਾ ਬਣਾਇਆ, ਇਹ ਦੇ ਦਰਵਾਜ਼ੇ, ਚਿਟਕਨੀਆਂ ਤੇ ਅਰਲਾਂ ਲਾਈਆਂ, ਅਤੇ ਕੂੜਾ ਫਾਟਕ ਤੱਕ ਕੋਈ 1,500 ਫੁੱਟ ਕੰਧ ਦੀ ਮੁਰੰਮਤ ਕੀਤੀ।
14ਬੈਥ-ਹੱਕਰਮ ਜ਼ਿਲ੍ਹੇ ਦੇ ਸਰਦਾਰ, ਰੇਕਾਬ ਦੇ ਪੁੱਤਰ ਮਲਕੀਯਾਹ ਨੇ ਕੂੜਾ ਫਾਟਕ ਦੀ ਮੁਰੰਮਤ ਕੀਤੀ—ਇਹ ਨੂੰ ਦੁਬਾਰਾ ਬਣਾਇਆ ਅਤੇ ਇਹ ਦੇ ਦਰਵਾਜ਼ੇ, ਚਿਟਕਨੀਆਂ ਤੇ ਅਰਲਾਂ ਲਾਈਆਂ।
15ਮਿਸਪਾਹ ਜ਼ਿਲ੍ਹੇ ਦੇ ਸਰਦਾਰ, ਕੋਲ-ਹੋਜ਼ੇਹ ਦੇ ਪੁੱਤਰ ਸ਼ੱਲੂਨ ਨੇ ਸੋਤਾ ਫਾਟਕ ਦੀ ਮੁਰੰਮਤ ਕੀਤੀ—ਇਹ ਨੂੰ ਦੁਬਾਰਾ ਬਣਾਇਆ, ਇਹ ਉੱਤੇ ਛੱਤ ਪਾਈ, ਅਤੇ ਇਹ ਦੇ ਦਰਵਾਜ਼ੇ, ਚਿਟਕਨੀਆਂ ਤੇ ਅਰਲਾਂ ਲਾਈਆਂ। ਉਸ ਨੇ ਰਾਜੇ ਦੇ ਬਾਗ਼ ਕੋਲ ਸ਼ੀਲੋਆਹ ਦੇ ਤਲਾਬ ਦੀ ਕੰਧ ਦੀ ਵੀ ਮੁਰੰਮਤ ਕੀਤੀ, ਦਾਊਦ ਦੇ ਸ਼ਹਿਰ ਤੋਂ ਹੇਠਾਂ ਉੱਤਰਨ ਵਾਲੀਆਂ ਪੌੜੀਆਂ ਤੱਕ। 16ਉਹ ਦੇ ਪਿੱਛੋਂ ਬੈਥ-ਸੂਰ ਦੇ ਅੱਧੇ ਜ਼ਿਲ੍ਹੇ ਦੇ ਸਰਦਾਰ, ਅਜ਼ਬੂਕ ਦੇ ਪੁੱਤਰ ਨਹਮਯਾਹ ਨੇ ਦਾਊਦ ਦੀਆਂ ਕਬਰਾਂ ਦੇ ਸਾਹਮਣੇ ਦੀ ਥਾਂ ਤੱਕ, ਬਣਾਏ ਹੋਏ ਤਲਾਬ ਤੱਕ, ਅਤੇ ਸੂਰਮਿਆਂ ਦੇ ਘਰ ਤੱਕ ਮੁਰੰਮਤ ਕੀਤੀ। 17ਉਹ ਦੇ ਪਿੱਛੋਂ ਲੇਵੀਆਂ ਨੇ ਮੁਰੰਮਤ ਕੀਤੀ: ਬਾਨੀ ਦੇ ਪੁੱਤਰ ਰਹੂਮ ਨੇ। ਉਹ ਦੇ ਕੋਲ ਕਈਲਾਹ ਦੇ ਅੱਧੇ ਜ਼ਿਲ੍ਹੇ ਦੇ ਸਰਦਾਰ, ਹਸ਼ਬਯਾਹ ਨੇ ਆਪਣੇ ਜ਼ਿਲ੍ਹੇ ਲਈ ਮੁਰੰਮਤ ਕੀਤੀ। 18ਉਹ ਦੇ ਪਿੱਛੋਂ ਉਨ੍ਹਾਂ ਦੇ ਸੰਗੀ ਲੇਵੀਆਂ ਨੇ ਅਗਲੀ ਮੁਰੰਮਤ ਕੀਤੀ: ਕਈਲਾਹ ਦੇ ਅੱਧੇ ਜ਼ਿਲ੍ਹੇ ਦੇ ਸਰਦਾਰ, ਹੇਨਾਦਾਦ ਦੇ ਪੁੱਤਰ ਬਿੰਨੂਈ ਨੇ। 19ਉਹ ਦੇ ਨਾਲ, ਮਿਸਪਾਹ ਦੇ ਸਰਦਾਰ, ਯੇਸ਼ੂਆ ਦੇ ਪੁੱਤਰ ਏਜ਼ਰ ਨੇ ਕੋਨੇ ਉੱਤੇ ਸ਼ਸਤਰ-ਭੰਡਾਰ ਦੀ ਚੜ੍ਹਾਈ ਦੇ ਸਾਹਮਣੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ। 20ਉਹ ਦੇ ਪਿੱਛੋਂ ਜ਼ੱਬਾਈ ਦੇ ਪੁੱਤਰ ਬਾਰੂਕ ਨੇ ਵੱਡੇ ਚਾਅ ਨਾਲ ਇੱਕ ਹੋਰ ਹਿੱਸੇ ਦੀ ਮੁਰੰਮਤ ਕੀਤੀ, ਕੋਨੇ ਤੋਂ ਲੈ ਕੇ ਪ੍ਰਧਾਨ ਜਾਜਕ ਅਲਯਾਸ਼ੀਬ ਦੇ ਘਰ ਦੇ ਦਰਵਾਜ਼ੇ ਤੱਕ। 21ਉਹ ਦੇ ਪਿੱਛੋਂ ਹੱਕੋਸ ਦੇ ਪੋਤੇ, ਊਰੀਯਾਹ ਦੇ ਪੁੱਤਰ ਮਰੇਮੋਥ ਨੇ ਇੱਕ ਹੋਰ ਹਿੱਸੇ ਦੀ ਮੁਰੰਮਤ ਕੀਤੀ, ਦਰਵਾਜ਼ੇ ਤੋਂ ਲੈ ਕੇ ਅਲਯਾਸ਼ੀਬ ਦੇ ਘਰ ਦੇ ਅੰਤ ਤੱਕ। 22ਉਹ ਦੇ ਪਿੱਛੋਂ ਆਲੇ-ਦੁਆਲੇ ਦੇ ਮੈਦਾਨ ਦੇ ਜਾਜਕਾਂ ਨੇ ਮੁਰੰਮਤ ਕੀਤੀ। 23ਇਹ ਦੇ ਪਿੱਛੋਂ, ਬਿਨਯਾਮੀਨ ਅਤੇ ਹੱਸ਼ੂਬ ਨੇ ਆਪਣੇ ਘਰ ਦੇ ਸਾਹਮਣੇ ਮੁਰੰਮਤ ਕੀਤੀ। ਇਹ ਦੇ ਪਿੱਛੋਂ, ਅਨਨਯਾਹ ਦੇ ਪੋਤੇ, ਮਅਸੇਯਾਹ ਦੇ ਪੁੱਤਰ ਅਜ਼ਰਯਾਹ ਨੇ ਆਪਣੇ ਘਰ ਦੇ ਕੋਲ ਮੁਰੰਮਤ ਕੀਤੀ। 24ਉਹ ਦੇ ਪਿੱਛੋਂ ਹੇਨਾਦਾਦ ਦੇ ਪੁੱਤਰ ਬਿੰਨੂਈ ਨੇ ਇੱਕ ਹੋਰ ਹਿੱਸੇ ਦੀ ਮੁਰੰਮਤ ਕੀਤੀ, ਅਜ਼ਰਯਾਹ ਦੇ ਘਰ ਤੋਂ ਲੈ ਕੇ ਕੋਨੇ ਤੇ ਮੋੜ ਤੱਕ। 25ਊਜ਼ਾਈ ਦੇ ਪੁੱਤਰ ਪਾਲਾਲ ਨੇ ਕੋਨੇ ਦੇ ਸਾਹਮਣੇ ਅਤੇ ਉਸ ਬੁਰਜ ਦੇ ਸਾਹਮਣੇ ਮੁਰੰਮਤ ਕੀਤੀ ਜਿਹੜਾ ਰਾਜੇ ਦੇ ਉੱਪਰਲੇ ਮਹਿਲ ਵਿੱਚੋਂ ਪਹਿਰੇਦਾਰ ਦੇ ਵਿਹੜੇ ਕੋਲ ਬਾਹਰ ਨਿਕਲਿਆ ਹੋਇਆ ਸੀ। ਉਹ ਦੇ ਪਿੱਛੋਂ, ਪਰੋਸ਼ ਦੇ ਪੁੱਤਰ ਪਦਾਯਾਹ ਨੇ। 26ਓਫ਼ਲ ਉੱਤੇ ਰਹਿਣ ਵਾਲੇ ਹੈਕਲ ਦੇ ਸੇਵਕਾਂ ਨੇ ਪੂਰਬ ਵੱਲ ਪਾਣੀ ਫਾਟਕ ਦੇ ਸਾਹਮਣੇ ਤੱਕ, ਅਤੇ ਬਾਹਰ ਨਿਕਲੇ ਹੋਏ ਬੁਰਜ ਤੱਕ ਮੁਰੰਮਤ ਕੀਤੀ। 27ਉਨ੍ਹਾਂ ਦੇ ਪਿੱਛੋਂ ਤਕੋਈਆਂ ਨੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ, ਵੱਡੇ ਬਾਹਰ ਨਿਕਲੇ ਹੋਏ ਬੁਰਜ ਦੇ ਸਾਹਮਣੇ ਤੋਂ ਲੈ ਕੇ ਓਫ਼ਲ ਦੀ ਕੰਧ ਤੱਕ।
28ਘੋੜਾ ਫਾਟਕ ਦੇ ਉੱਪਰ ਜਾਜਕਾਂ ਨੇ ਮੁਰੰਮਤ ਕੀਤੀ, ਹਰ ਇੱਕ ਨੇ ਆਪਣੇ ਘਰ ਦੇ ਸਾਹਮਣੇ। 29ਉਹ ਦੇ ਪਿੱਛੋਂ ਇੰਮੇਰ ਦੇ ਪੁੱਤਰ ਸਾਦੋਕ ਨੇ ਆਪਣੇ ਘਰ ਦੇ ਸਾਹਮਣੇ ਮੁਰੰਮਤ ਕੀਤੀ। ਉਹ ਦੇ ਪਿੱਛੋਂ ਪੂਰਬੀ ਫਾਟਕ ਦੇ ਰਾਖੇ, ਸ਼ਕਨਯਾਹ ਦੇ ਪੁੱਤਰ ਸ਼ਮਅਯਾਹ ਨੇ ਮੁਰੰਮਤ ਕੀਤੀ। 30ਉਹ ਦੇ ਪਿੱਛੋਂ ਸ਼ਲਮਯਾਹ ਦੇ ਪੁੱਤਰ ਹਨਨਯਾਹ ਅਤੇ ਜ਼ਾਲਾਫ਼ ਦੇ ਛੇਵੇਂ ਪੁੱਤਰ ਹਾਨੂਨ ਨੇ ਇੱਕ ਹੋਰ ਹਿੱਸੇ ਦੀ ਮੁਰੰਮਤ ਕੀਤੀ। ਉਨ੍ਹਾਂ ਦੇ ਪਿੱਛੋਂ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਆਪਣੇ ਰਹਿਣ ਦੇ ਕਮਰੇ ਦੇ ਸਾਹਮਣੇ ਮੁਰੰਮਤ ਕੀਤੀ। 31ਉਹ ਦੇ ਪਿੱਛੋਂ ਸੁਨਿਆਰਿਆਂ ਵਿੱਚੋਂ ਇੱਕ, ਮਲਕੀਯਾਹ ਨੇ ਹੈਕਲ ਦੇ ਸੇਵਕਾਂ ਤੇ ਵਪਾਰੀਆਂ ਦੇ ਘਰ ਤੱਕ, ਜਾਂਚ ਫਾਟਕ ਦੇ ਸਾਹਮਣੇ, ਅਤੇ ਕੋਨੇ ਉੱਤਲੇ ਉੱਪਰਲੇ ਕਮਰੇ ਤੱਕ ਮੁਰੰਮਤ ਕੀਤੀ। 32ਕੋਨੇ ਉੱਤਲੇ ਉੱਪਰਲੇ ਕਮਰੇ ਅਤੇ ਭੇਡ ਫਾਟਕ ਦੇ ਵਿਚਕਾਰ, ਸੁਨਿਆਰਿਆਂ ਤੇ ਵਪਾਰੀਆਂ ਨੇ ਮੁਰੰਮਤ ਕੀਤੀ।