ਮੇਰੇ ਪਾਪ ਦਾ ਭਾਰ
ਦਾਊਦ ਦਾ ਇੱਕ ਭਜਨ, ਯਾਦ ਕਰਾਉਣ ਲਈ।
ਬਿਮਾਰ, ਜ਼ਖ਼ਮ ਪੱਕੇ ਹੋਏ, ਦੋਸਤਾਂ ਵੱਲੋਂ ਛੱਡਿਆ ਹੋਇਆ ਜਦੋਂ ਕਿ ਵੈਰੀ ਸਾਜ਼ਸ਼ਾਂ ਰਚਦੇ ਹਨ, ਦਾਊਦ ਆਪਣੀ ਹਾਲਤ ਦੀ ਜੜ੍ਹ ਆਪਣੇ ਪਾਪ ਵਿੱਚ ਵੇਖਦਾ ਹੈ ਅਤੇ ਆਪਣੇ ਦੋਸ਼ ਲਾਉਣ ਵਾਲਿਆਂ ਨੂੰ ਪਲਟ ਕੇ ਜਵਾਬ ਨਹੀਂ ਦਿੰਦਾ। ਉਹ ਇੱਕ ਬੋਲੇ ਮਨੁੱਖ ਵਾਂਗ ਚੁੱਪ ਰਹਿੰਦਾ ਹੈ ਅਤੇ ਆਪਣੇ ਪਿਤਾ ਦੀ ਉਡੀਕ ਕਰਦਾ ਹੈ, ਇੱਕੋ-ਇੱਕ ਜਿਸ ਤੋਂ ਉਹ ਜਵਾਬ ਦੀ ਆਸ ਰੱਖਦਾ ਹੈ।
38 1ਹੇ ਮੇਰੇ ਪਿਤਾ, ਆਪਣੇ ਕ੍ਰੋਧ ਵਿੱਚ ਮੈਨੂੰ ਨਾ ਝਿੜਕੋ, ਅਤੇ ਨਾ ਆਪਣੇ ਗੁੱਸੇ ਵਿੱਚ ਮੈਨੂੰ ਤਾੜੋ। 2ਕਿਉਂਕਿ ਤੁਹਾਡੇ ਤੀਰ ਮੇਰੇ ਅੰਦਰ ਡੂੰਘੇ ਧਸ ਗਏ ਹਨ, ਅਤੇ ਤੁਹਾਡਾ ਹੱਥ ਮੇਰੇ ਉੱਤੇ ਭਾਰਾ ਪੈ ਗਿਆ ਹੈ। 3ਤੁਹਾਡੇ ਕ੍ਰੋਧ ਦੇ ਕਾਰਨ ਮੇਰੇ ਸਰੀਰ ਵਿੱਚ ਕੋਈ ਤੰਦਰੁਸਤੀ ਨਹੀਂ; ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ ਵਿੱਚ ਕੋਈ ਅਰੋਗਤਾ ਨਹੀਂ।
4ਕਿਉਂਕਿ ਮੇਰੇ ਪਾਪ ਮੇਰੇ ਸਿਰ ਤੋਂ ਉੱਪਰ ਚੜ੍ਹ ਗਏ ਹਨ; ਇੱਕ ਭਾਰੇ ਬੋਝ ਵਾਂਗ, ਓਹ ਮੇਰੇ ਲਈ ਬਹੁਤ ਭਾਰੇ ਹਨ। 5ਮੇਰੀ ਮੂਰਖਤਾ ਦੇ ਕਾਰਨ ਮੇਰੇ ਜ਼ਖ਼ਮ ਸੜਦੇ ਅਤੇ ਪੀਕ ਵਗਾਉਂਦੇ ਹਨ। 6ਮੈਂ ਝੁਕਿਆ ਹੋਇਆ ਅਤੇ ਬਹੁਤ ਨੀਵਾਂ ਨਿਵਿਆ ਹੋਇਆ ਹਾਂ; ਸਾਰਾ ਦਿਨ ਮੈਂ ਸੋਗ ਕਰਦਾ ਫਿਰਦਾ ਹਾਂ। 7ਕਿਉਂਕਿ ਮੇਰੇ ਪਾਸੇ ਅੱਗ ਨਾਲ ਭਖਦੇ ਹਨ, ਅਤੇ ਮੇਰੇ ਮਾਸ ਵਿੱਚ ਕੋਈ ਅਰੋਗਤਾ ਨਹੀਂ।
8ਮੈਂ ਸੁੰਨ ਹੋ ਗਿਆ ਹਾਂ ਅਤੇ ਬਿਲਕੁਲ ਕੁਚਲਿਆ ਗਿਆ ਹਾਂ; ਆਪਣੇ ਦਿਲ ਦੀ ਬੇਚੈਨੀ ਦੇ ਕਾਰਨ ਮੈਂ ਹੂੰਗਦਾ ਹਾਂ। 9ਹੇ ਪ੍ਰਭੂ ਪਿਤਾ, ਮੇਰੀ ਸਾਰੀ ਤਾਂਘ ਤੁਹਾਡੇ ਸਾਹਮਣੇ ਹੈ, ਅਤੇ ਮੇਰੇ ਹਾਉਕੇ ਤੁਹਾਥੋਂ ਲੁਕੇ ਹੋਏ ਨਹੀਂ। 10ਮੇਰਾ ਦਿਲ ਧੜਕਦਾ ਹੈ, ਮੇਰਾ ਬਲ ਮੈਨੂੰ ਛੱਡ ਗਿਆ ਹੈ; ਮੇਰੀਆਂ ਅੱਖਾਂ ਦੀ ਜੋਤ ਵੀ ਮੈਥੋਂ ਜਾਂਦੀ ਰਹੀ ਹੈ। 11ਮੇਰੇ ਮਿੱਤਰ ਅਤੇ ਸਾਥੀ ਮੇਰੀ ਬਿਪਤਾ ਤੋਂ ਦੂਰ ਰਹਿੰਦੇ ਹਨ, ਅਤੇ ਮੇਰੇ ਨੇੜਲੇ ਸਾਕ-ਸਬੰਧੀ ਦੂਰ ਖਲੋਂਦੇ ਹਨ।
12ਜੋ ਮੇਰੀ ਜਾਨ ਦੇ ਖੋਜੀ ਹਨ ਓਹ ਆਪਣੇ ਫੰਦੇ ਵਿਛਾਉਂਦੇ ਹਨ; ਜੋ ਮੇਰਾ ਬੁਰਾ ਚਾਹੁੰਦੇ ਹਨ ਓਹ ਤਬਾਹੀ ਦੀਆਂ ਗੱਲਾਂ ਕਰਦੇ ਅਤੇ ਸਾਰਾ ਦਿਨ ਧੋਖੇ ਦੀਆਂ ਵਿਉਂਤਾਂ ਬਣਾਉਂਦੇ ਹਨ। 13ਪਰ ਮੈਂ ਇੱਕ ਬੋਲੇ ਮਨੁੱਖ ਵਾਂਗ ਹਾਂ ਜੋ ਸੁਣ ਨਹੀਂ ਸਕਦਾ, ਉਸ ਵਾਂਗ ਜੋ ਬੋਲ ਨਹੀਂ ਸਕਦਾ ਅਤੇ ਆਪਣਾ ਮੂੰਹ ਨਹੀਂ ਖੋਲ੍ਹੇਗਾ। 14ਮੈਂ ਉਸ ਮਨੁੱਖ ਵਾਂਗ ਹੋ ਗਿਆ ਹਾਂ ਜੋ ਸੁਣਦਾ ਨਹੀਂ, ਜਿਸ ਦੇ ਮੂੰਹ ਵਿੱਚ ਕੋਈ ਜਵਾਬ ਨਹੀਂ। 15ਪਰ ਹੇ ਮੇਰੇ ਪਿਤਾ, ਮੈਂ ਤੁਹਾਡੀ ਹੀ ਉਡੀਕ ਕਰਦਾ ਹਾਂ; ਤੁਸੀਂ ਹੀ ਜਵਾਬ ਦਿਓਗੇ, ਹੇ ਮੇਰੇ ਪ੍ਰਭੂ ਪਿਤਾ।
16ਕਿਉਂਕਿ ਮੈਂ ਆਖਿਆ, “ਓਹ ਮੇਰੇ ਉੱਤੇ ਕਦੇ ਖ਼ੁਸ਼ ਨਾ ਹੋਣ—ਓਹ ਜੋ ਮੇਰੇ ਪੈਰ ਦੇ ਤਿਲਕਣ ਉੱਤੇ ਮੇਰੇ ਵਿਰੁੱਧ ਸ਼ੇਖੀ ਮਾਰਦੇ ਹਨ।” 17ਕਿਉਂਕਿ ਮੈਂ ਡਿੱਗਣ ਹੀ ਵਾਲਾ ਹਾਂ, ਅਤੇ ਮੇਰਾ ਦੁੱਖ ਸਦਾ ਮੇਰੇ ਸਾਹਮਣੇ ਰਹਿੰਦਾ ਹੈ। 18ਮੈਂ ਆਪਣਾ ਦੋਸ਼ ਮੰਨਦਾ ਹਾਂ; ਮੈਂ ਆਪਣੇ ਪਾਪ ਦੇ ਕਾਰਨ ਦੁਖੀ ਹਾਂ। 19ਪਰ ਮੇਰੇ ਵੈਰੀ ਜੀਉਂਦੇ-ਜਾਗਦੇ ਅਤੇ ਤਕੜੇ ਹਨ, ਅਤੇ ਓਹ ਬਹੁਤ ਹਨ ਜੋ ਬਿਨਾਂ ਕਾਰਨ ਮੇਰੇ ਨਾਲ ਵੈਰ ਕਰਦੇ ਹਨ।
20ਜੋ ਭਲਿਆਈ ਦੇ ਬਦਲੇ ਮੈਨੂੰ ਬੁਰਿਆਈ ਦਿੰਦੇ ਹਨ, ਓਹ ਮੇਰੇ ਉੱਤੇ ਦੋਸ਼ ਲਾਉਂਦੇ ਹਨ ਕਿਉਂਕਿ ਮੈਂ ਭਲਿਆਈ ਦੇ ਮਗਰ ਲੱਗਦਾ ਹਾਂ। 21ਹੇ ਮੇਰੇ ਪਿਤਾ, ਮੈਨੂੰ ਨਾ ਤਿਆਗੋ; ਹੇ ਮੇਰੇ ਪਿਤਾ, ਮੈਥੋਂ ਦੂਰ ਨਾ ਖਲੋਵੋ। 22ਹੇ ਮੇਰੇ ਪ੍ਰਭੂ ਪਿਤਾ, ਮੇਰੀ ਮੁਕਤੀ, ਮੇਰੀ ਸਹਾਇਤਾ ਲਈ ਛੇਤੀ ਆਓ।